ਖੇਤ ਵਿਚ ਕੰਮ ਕਰਨ ਵਾਲੀ ਮਜ਼ਦੂਰ ਮਾਂ ਅਤੇ ਰਾਜ ਮਿਸਤਰੀ ਪਿਤਾ ਦਾ ਪੁੱਤਰ ਬਣਿਆ ਅਫਸਰ, (The son of a farm laborer mother became an officer)

ਮੱਧ ਪ੍ਰਦੇਸ਼ ਵਿਚ ਰਹਿਣ ਵਾਲੇ ਸੰਤੋਸ਼ ਕੁਮਾਰ ਪਟੇਲ ਅਤੇ ਉਸ ਦਾ ਪਰਿਵਾਰ ਕਾਨਿਆਂ ਦੀ ਛੱਤ ਵਾਲੇ ਇਕ ਕਮਰੇ ਵਿੱਚ ਰਹਿੰਦਾ ਸੀ ਪਰ ਸਾਰੀਆਂ ਮੁਸ਼ਕਲ ਨੂੰ ਪਾਰ ਕਰਦੇ ਹੋਏ ਸੰਤੋਸ਼ ਨੇ ਬਿਨਾਂ ਕੋਚਿੰਗ ਦੇ ਐਮ. ਪੀ. ਪੀ. ਐਸ. ਸੀ. (MPPSC) ਦੀ ਪ੍ਰੀਖਿਆ ਪਾਸ ਕਰ ਲਈ ਅਤੇ ਡੀ. ਐਸ. ਪੀ. (DSP) ਬਣ ਗਿਆ।

"ਏ ਗਰੀਬੀ, ਦੇਖ ਤੇਰਾ ਹੰਕਾਰ ਟੁੱਟ ਗਿਆ, ਤੂੰ ਮੇਰੀ ਦੇਹਲੀ ਤੇ ਬੈਠੀ ਰਹੀ ਤੇ ਮੇਰਾ ਪੁੱਤ ਪੁਲਿਸ ਵਾਲਾ ਬਣ ਗਿਆ। ਇਹ ਬੋਲ ਹਨ, ਮਾਣ ਨਾਲ ਭਰੀ ਉਸ ਮਾਂ ਦੇ ਜਿਸ ਨੇ ਬੇਹੱਦ ਗਰੀਬ ਹੋਣ ਦੇ ਬਾਵਜੂਦ ਖੇਤਾਂ ਵਿੱਚ ਕੰਮ ਕਰਕੇ ਆਪਣੇ ਪੁੱਤਰ ਨੂੰ ਖੂਬ ਪੜ੍ਹਾਇਆ ਅਤੇ ਬੇਟੇ ਨੇ ਵੀ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ MPPSC ਦੀ ਪ੍ਰੀਖਿਆ ਨੂੰ ਪਾਸ ਕਰ ਲਿਆ ਅਤੇ DSP ਬਣ ਕੇ ਪਰਿਵਾਰ ਦੇ ਨਾਮ ਨੂੰ ਰੌਸ਼ਨ ਕੀਤਾ।

ਸੰਤੋਸ਼ ਕੁਮਾਰ ਪਟੇਲ, ਜੋ ਮੱਧ ਪ੍ਰਦੇਸ਼ ਵਿਚ ਰਹਿਣ ਵਾਲੇ ਹਨ, ਉਹ ਇੱਕ ਬੇਹੱਦ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਸਨ ਅਤੇ ਉਨ੍ਹਾਂ ਨੂੰ ਆਪਣੇ ਬਚਪਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਉਸ ਦੀ ਮਾਂ ਇੱਕ ਖੇਤੀਬਾੜੀ ਮਜ਼ਦੂਰ ਸੀ ਅਤੇ ਉਸ ਦਾ ਪਿਤਾ ਇੱਕ ਰਾਜ ਮਿਸਤਰੀ ਸੀ, ਮਿਸਤਰੀ ਪਿਤਾ ਨੇ ਦੂਜਿਆਂ ਲਈ ਕਈ ਘਰ ਬਣਾਏ ਸਨ ਪਰ ਆਪਣੇ ਪਰਿਵਾਰ ਲਈ ਇੱਕ ਘਰ ਬਣਾਉਣ ਲਈ ਵੀ ਉਸ ਕੋਲ ਪੈਸੇ ਨਹੀਂ ਸਨ।

ਸੰਤੋਸ਼ ਅਤੇ ਉਸ ਦਾ ਚਾਰ ਜਣਿਆਂ ਦਾ ਪਰਿਵਾਰ ਕਾਨਿਆਂ (ਫੂਸ) ਨਾਲ ਬਣੇ ਇਕ ਕਮਰੇ ਵਿੱਚ ਰਹਿੰਦਾ ਸੀ। ਮੌਨਸੂਨ ਦੌਰਾਨ ਜਦੋਂ ਮੀਂਹ ਪੈਂਦਾ ਸੀ ਤਾਂ ਛੱਤਾਂ ਤੋਂ ਪਾਣੀ ਟਪਕਦਾ ਰਹਿੰਦਾ ਸੀ ਅਤੇ ਕਿਤਾਬਾਂ ਤੱਕ ਗਿੱਲੀਆਂ ਹੋ ਜਾਂਦੀਆਂ ਸਨ। ਅਜਿਹੇ ਵਿਚ ਸੰਤੋਸ਼ ਦਿਨ ਵਿਚ ਕਿਤਾਬਾਂ ਸੁਕਾ ਲੈਂਦਾ ਸੀ ਅਤੇ ਰਾਤ ਨੂੰ ਮਿੱਟੀ ਦੇ ਤੇਲ ਦੇ ਦੀਵੇ ਦੇ ਚਾਨਣ ਵਿਚ ਪੜ੍ਹਦਾ ਸੀ।

7 ਸਾਲ ਦੀ ਉਮਰ ਵਿੱਚ ਕੀਤਾ ਇੱਟਾਂ ਚੁੱਕਣ ਦਾ ਕੰਮ

ਸੰਤੋਸ਼ ਦੇ ਘਰ ਦਾ ਹਾਲ ਇੰਨਾ ਮਾੜਾ ਸੀ ਕਿ ਕਦੇ ਦਲੀਆ ਤੇ ਕਦੇ ਜਵਾਰ ਦੀ ਰੋਟੀ ਬੜੀ ਹੀ ਮੁਸ਼ਕਲ ਨਾਲ ਖਾਣ ਲਈ ਮਿਲਦੀ ਸੀ। ਉਸ ਦੇ ਘਰ ਵਿਚ ਤਾਂ ਚਾਹ ਵੀ ਸਿਰਫ ਮਹਿਮਾਨਾਂ ਲਈ ਹੀ ਬਣਾਈ ਜਾਂਦੀ ਸੀ। ਇਸੇ ਲਈ, ਸੱਤ ਸਾਲ ਦੀ ਉਮਰ ਵਿੱਚ, ਸੰਤੋਸ਼ ਨੇ ਚਾਹ ਦੇ ਕੱਪ ਅਤੇ ਬਿਸਕੁਟਾਂ ਦੇ ਇੱਕ ਪੈਕਟ ਲਈ ਘੰਟਿਆਂ ਤੱਕ ਇੱਟਾਂ ਚੁੱਕਣ ਤੱਕ ਦਾ ਮਜਦੂਰੀ ਵਾਲਾ ਕੰਮ ਵੀ ਕੀਤਾ।

ਉਸ ਨੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ 10ਵੀਂ ਜਮਾਤ ਵਿੱਚ 92 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਉਹ ਜ਼ਿਲ੍ਹੇ ਦਾ ਟਾਪਰ ਵਿਦਿਆਰਥੀ ਬਣਿਆ। ਬਾਅਦ ਵਿੱਚ, ਸੰਤੋਸ਼ ਇੱਕ ਸਰਕਾਰੀ ਕਾਲਜ ਵਿੱਚ ਇੰਜੀਨੀਅਰਿੰਗ ਕਰਨ ਲਈ ਭੋਪਾਲ ਚਲਿਆ ਗਿਆ। ਉਥੇ ਉਹ ਕੰਟੀਨ ਵਿਚ ਬੈਠ ਕੇ ਹੋਰ ਵਿਦਿਆਰਥੀਆਂ ਨੂੰ ਕੋਲਡ ਡਰਿੰਕ ਅਤੇ ਚਾਹ ਪੀਂਦੇ ਦੇਖਦਾ ਤਾਂ ਉਸ ਦਾ ਮਨ ਵੀ ਬਹੁਤ ਹੁੰਦਾ, ਪਰ ਉਸ ਕੋਲ ਇੰਨੇ ਪੈਸੇ ਨਹੀਂ ਹੁੰਦੇ ਸਨ।

ਫਿਰ ਕੁਝ ਲੋਕਾਂ ਨੇ ਉਸ ਨੂੰ ਕਮਿਸ਼ਨ ਅਧਾਰਤ ਨੌਕਰੀ ਕਰਨ ਦੇ ਲਈ ਸਲਾਹ ਦਿੱਤੀ, ਇੱਥੋਂ ਹੀ ਉਸ ਦੀ ਪੜ੍ਹਾਈ ਵਿਚ ਦਿਲਚਸਪੀ ਖਤਮ ਹੋ ਗਈ ਅਤੇ ਇਸ ਵਿਚ ਹੀ ਉਸ ਦਾ ਕਾਲਜ ਦਾ ਇਕ ਸਾਲ ਚਲਿਆ ਗਿਆ। ਉਸ ਨੇ ਕਿਸੇ ਤਰ੍ਹਾਂ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਘਰ ਪਰਤ ਆਇਆ।

ਉਸ ਨੂੰ MPPSC ਦੀ ਤਿਆਰੀ ਕਰਨ ਦੀ ਪ੍ਰੇਰਨਾ ਕਿੱਥੋਂ ਮਿਲੀ?

ਸੰਤੋਸ਼ ਕੋਲ ਨੌਕਰੀ ਨਹੀਂ ਸੀ, ਅਜਿਹੇ ਵਿਚ ਹੀ ਪਿੰਡ ਵਿੱਚ ਕਿਸੇ ਵਲੋਂ ਉਸ ਨੂੰ ਮੱਧ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ (MPPSC) ਦੀ ਤਿਆਰੀ ਕਰਨ ਦੀ ਸਲਾਹ ਦਿੱਤੀ ਗਈ ਅਤੇ ਉਸ ਨੇ ਬਿਨਾਂ ਕਿਸੇ ਕੋਚਿੰਗ ਦੇ MPPSC ਦੀ ਤਿਆਰੀ ਨੂੰ ਸ਼ੁਰੂ ਕਰ ਦਿੱਤਾ ਅਤੇ ਫੈਸਲਾ ਕੀਤਾ ਕਿ ਜਦੋਂ ਤੱਕ ਲਾਲ ਬੱਤੀ ਵਾਲੀ ਨੌਕਰੀ ਨਹੀਂ ਮਿਲ ਜਾਂਦੀ, ਉਦੋਂ ਤੱਕ ਮੈਂ ਆਪਣੀ ਦਾੜ੍ਹੀ ਨਹੀਂ ਮੁੰਨਾਵਾਂਗਾ। 

ਉਸ ਨੇ ਸਖ਼ਤ ਮਿਹਨਤ ਕੀਤੀ। ਅਕਸਰ ਉਹ ਇੱਕ ਰਾਤ ਲਈ ਦੋਸਤਾਂ ਤੋਂ ਮਹਿੰਗੀਆਂ ਕਿਤਾਬਾਂ ਉਧਾਰ ਲੈਂਦਾ ਅਤੇ ਨੋਟ ਬਣਾਉਣ ਲਈ ਸਾਰੀ ਰਾਤ ਪੜ੍ਹਦਾ, ਕਿਉਂਕਿ ਕਿਤਾਬਾਂ ਅਗਲੇ ਦਿਨ ਵਾਪਸ ਕਰਨੀਆਂ ਹੁੰਦੀਆਂ ਸਨ। ਆਖਰਕਾਰ, 15 ਮਹੀਨੇ ਦੀ ਤਿਆਰੀ ਤੋਂ ਬਾਅਦ, ਸੰਤੋਸ਼ ਨੇ ਜੁਲਾਈ 2017 ਵਿੱਚ MPPSC ਦੀ ਪ੍ਰੀਖਿਆ ਪਾਸ ਕਰ ਲਈ ਅਤੇ ਉਸ ਨੇ ਰਾਜ ਪੱਧਰ ਉਤੇ 22ਵਾਂ ਰੈਂਕ ਵੀ ਪ੍ਰਾਪਤ ਕੀਤਾ।
Previous Post Next Post