ਰਸੋਈ ਦੇ ਕਚਰੇ ਤੋਂ, ਇਸ ਤਰ੍ਹਾਂ ਪੌਦਿਆਂ ਲਈ ਘਰ ਵਿਚ ਹੀ ਬਣਾਓ, 5 ਤਰ੍ਹਾਂ ਦੀ ਖਾਦ, (Make at home 5 types of fertilizers for plants)

ਗਾਜ਼ੀਆਬਾਦ ਦੀ ਬਾਗਬਾਨ ਮੰਜੂਸ਼੍ਰੀ ਲਾਡੀਆ ਤੋਂ ਪੰਜ ਵੱਖੋ ਵੱਖ ਤਰ੍ਹਾਂ ਦੀ ਜੈਵਿਕ ਖਾਦ ਬਣਾਉਣ ਦੇ ਤਰੀਕੇ ਜਾਣੋ ਅਤੇ ਜਾਣੋ ਇਸ ਖਾਦ ਦੇ ਫਾਇਦੇ।

ਪੌਦਿਆਂ ਲਈ ਜਿੰਨੀ ਮਿੱਟੀ ਅਤੇ ਪਾਣੀ ਦੀ ਜ਼ਰੂਰਤ ਹੈ, ਓਨੀ ਹੀ ਜ਼ਰੂਰਤ ਖਾਦ ਦੀ ਵੀ ਹੈ। ਘਰੇਲੂ ਬਣੀਆਂ ਜੈਵਿਕ ਖਾਦਾਂ ਸਸਤੀਆਂ ਪੈਂਦੀਆਂ ਹਨ ਅਤੇ ਵਧੇਰੇ ਪ੍ਰਭਾਵਸ਼ਾਲੀ ਵੀ ਹੁੰਦੀਆਂ ਹਨ।

ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਖਾਦ ਬਣਾਉਣਾ ਔਖਾ ਕੰਮ ਹੈ, ਤਾਂ ਗਾਜ਼ੀਆਬਾਦ ਦੀ ਮੰਜੂਸ਼੍ਰੀ ਲਾਡੀਆ ਨੂੰ ਮਿਲੋ। ਉਹ ਘਰ ਵਿੱਚ ਇੱਕ ਨਹੀਂ, ਸਗੋਂ ਕਈ ਤਰ੍ਹਾਂ ਦੀਆਂ ਖਾਦਾਂ ਬਣਾਉਂਦੀ ਹੈ। ਉਸ ਦੀ ਮਿਹਨਤ ਦਾ ਨਤੀਜਾ ਹੈ ਕਿ ਉਸ ਦਾ ਬਾਗ ਹਮੇਸ਼ਾ ਹਰਿਆ ਭਰਿਆ ਰਹਿੰਦਾ ਹੈ।

ਮੰਜੂਸ਼੍ਰੀ ਦੇ ਦੱਸਣ ਅਨੁਸਾਰ ਹਰ ਕਿਸਮ ਦੀ ਖਾਦ ਤਿਆਰ ਕਰਨ ਦਾ ਤਰੀਕਾ ਇੱਕੋ ਜਿਹਾ ਹੀ ਹੈ, ਪਰ ਇਨ੍ਹਾਂ ਦੀ ਵਰਤੋਂ ਅਤੇ ਲਾਭ ਵੱਖੋ ਵੱਖਰੇ ਹਨ। ਇਸੇ ਲਈ ਉਹ ਤਿੰਨ ਤੋਂ ਚਾਰ ਬਰਤਨਾਂ ਦੇ ਵਿੱਚ ਵੱਖੋ ਵੱਖ ਤਰ੍ਹਾਂ ਦੀਆਂ ਖਾਦਾਂ ਬਣਾਉਂਦੀ ਹੈ।

ਚਲੋ ਆਓ ਜਾਣਦੇ ਹਾਂ ਉਨ੍ਹਾਂ ਤੋਂ ਕਿਹੜੀ ਖਾਦ ਦੇ ਕੀ ਫਾਇਦੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਤਿਆਰ ਕਿਵੇਂ ਕਰਿਆ ਜਾਵੇ-

ਖਾਦ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ

ਕੰਪੋਸਟ ਬਣਾਉਣ ਲਈ ਗਮਲੇ ਜਾਂ ਕੰਪੋਸਟ ਬਿਨ ਦੇ ਹੇਠਾਂ ਪੱਤਿਆਂ ਦੀ ਇੱਕ ਪਰਤ ਬਣਾਉ, ਇਸ ਦੇ ਉੱਪਰ ਕੋਕੋਪੀਟ ਪਾਓ। ਫਿਰ ਉਸ ਸਬਜ਼ੀ ਜਾਂ ਫਲ ਦਾ ਛਿਲਕਾ ਪਾ ਦਿਓ ਜਿਸ ਦੀ ਤੁਸੀਂ ਖਾਦ ਬਣਾਉਣਾ ਚਾਹੁੰਦੇ ਹੋ। ਹੁਣ ਇਸ ਵਿਚ ਸਮੇਂ-ਸਮੇਂ ਉਤੇ ਛਿਲਕੇ ਅਤੇ ਕਚਰਾ ਮਿਲਾਉਂਦੇ ਰਹੋ। ਇਸ ਦੇ ਨਾਲ ਹੀ ਵਿਚੋ ਵਿਚ (ਕਦੇ-ਕਦੇ) ਥੋੜ੍ਹਾ-ਥੋੜ੍ਹਾ ਕੋਕੋਪੀਟ ਵੀ ਪਾਉਂਦੇ ਰਹੋ ਅਤੇ ਚੰਗੀ ਕੁਆਲਿਟੀ ਦੀ ਖਾਦ ਲਈ ਇਸ ਵਿਚ ਉਪਰ ਤੋਂ ਗੁੜ ਦਾ ਪਾਣੀ ਵੀ ਮਿਲਾਓ।

ਇਸ ਤਰ੍ਹਾਂ ਦੇ ਨਾਲ ਖਾਦ ਨੂੰ ਤਿਆਰ ਕਰਨ ਵਿੱਚ ਤੁਹਾਨੂੰ ਤਿੰਨ ਮਹੀਨੇ ਲੱਗਣਗੇ।

1. ਪਿਆਜ਼ ਅਤੇ ਲਸਣ ਦੇ ਛਿਲਕਿਆਂ ਤੋਂ ਖਾਦ

ਮੰਜੂਸ਼੍ਰੀ ਖਾਦ ਬਣਾਉਣ ਲਈ ਹਮੇਸ਼ਾ ਲਸਣ ਅਤੇ ਪਿਆਜ਼ ਦੇ ਛਿਲਕਿਆਂ ਨੂੰ ਵੱਖ-ਵੱਖ ਬਰਤਨਾਂ ਵਿੱਚ ਰੱਖਦੀ ਹੈ। ਇਹ ਖਾਦ ਪੌਦਿਆਂ ਵਿੱਚ ਪੋਟਾਸ਼ੀਅਮ ਦੀ ਲੋੜ ਨੂੰ ਪੂਰਾ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ। ਉਸ ਦਾ ਕਹਿਣਾ ਹੈ ਕਿ ਇਹ ਖਾਦ ਹਰ ਕਿਸਮ ਦੇ ਮਿਰਚਾਂ ਦੇ ਬੂਟਿਆਂ ਲਈ ਬਹੁਤ ਹੀ ਲਾਹੇਵੰਦ ਹੈ। ਇਸ ਨੂੰ ਬਣਨ ਦੇ ਲਈ ਆਰਾਮ ਨਾਲ ਤਿੰਨ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ।

2. ਕੇਲਿਆਂ ਦੇ ਛਿਲਕਿਆਂ ਦੀ ਖਾਦ

ਹਾਲਾਂਕਿ ਤੁਸੀਂ ਕੇਲੇ ਦੇ ਛਿਲਕਿਆਂ ਨੂੰ ਸਾਧਾਰਨ ਕੰਪੋਸਟ ਬਿਨ ਵਿੱਚ ਵੀ ਪਾ ਸਕਦੇ ਹੋ, ਉਹ ਬਹੁਤ ਜਲਦੀ ਖਾਦ ਵਿੱਚ ਬਦਲ ਜਾਂਦੇ ਹਨ। ਪਰ ਮੰਜੂਸ਼੍ਰੀ ਦੱਸਦੀ ਹੈ ਕਿ ਜੇਕਰ ਇਸ ਦੀ ਖਾਦ ਅਲੱਗ ਤੋਂ ਬਣਾਈ ਜਾਵੇ ਤਾਂ ਜ਼ਿਆਦਾ ਫਾਇਦੇ ਹੁੰਦੇ ਹਨ।

ਇਹ ਪੋਟਾਸ਼ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਹ ਫਲਾਂ ਅਤੇ ਸਬਜ਼ੀਆਂ ਦੇ ਪੌਦਿਆਂ ਲਈ ਸਭ ਤੋਂ ਵਧੀਆ ਖਾਦ ਹੁੰਦੀ ਹੈ। ਇਸ ਦੀ ਵਰਤੋਂ ਮੌਸਮੀ ਫਲਾਂ ਅਤੇ ਸਬਜ਼ੀਆਂ ਦੇ ਚੰਗੇ ਉਤਪਾਦਨ ਦੇ ਲਈ ਕੀਤੀ ਜਾ ਸਕਦੀ ਹੈ।

3. ਚਾਹ ਦੀਆਂ ਪੱਤੀਆਂ ਤੋਂ ਬਣਾਓ ਖਾਦ

ਮੰਜੂ ਦੱਸਦੀ ਹੈ ਕਿ ਚਾਹ ਪੱਤੀ ਦੀ ਖਾਦ ਕਿਸੇ ਵੀ ਫੁੱਲਦਾਰ ਪੌਦੇ, ਖਾਸ ਕਰਕੇ ਗੁਲਾਬ ਲਈ ਅੰਮ੍ਰਿਤ ਹੈ। ਜੇਕਰ ਤੁਹਾਡੇ ਫੁੱਲਾਂ ਵਾਲੇ ਪੌਦੇ ਵਿੱਚ ਸਿਰਫ਼ ਪੱਤੇ ਹੀ ਹਨ ਅਤੇ ਉਸ ਨੂੰ ਫੁੱਲ ਨਹੀਂ ਖਿੜ ਰਹੇ ਹਨ, ਤਾਂ ਇਹ ਖਾਦ ਉਨ੍ਹਾਂ ਲਈ ਜਾਦੂ ਦੀ ਤਰ੍ਹਾਂ ਕੰਮ ਕਰਦੀ ਹੈ।

ਤੁਸੀਂ ਚਾਹ ਪੱਤੀ ਦੀ ਖਾਦ ਪੰਜ ਇੰਚ ਦੇ ਗਮਲੇ ਵਿੱਚ ਵੀ ਤਿਆਰ ਕਰ ਸਕਦੇ ਹੋ। ਕਿਸੇ ਵੀ ਹੋਰ ਖਾਦ ਦੀ ਤਰ੍ਹਾਂ, ਇਸ ਨੂੰ ਤਿਆਰ ਹੋਣ ਵਿੱਚ ਵੀ ਤਿੰਨ ਮਹੀਨੇ ਲੱਗ ਜਾਂਦੇ ਹਨ।

4. ਮਸੰਮੀ ਅਤੇ ਸੰਤਰੇ ਦੀ ਖਾਦ 

ਮਸੰਮੀ ਅਤੇ ਸੰਤਰੇ ਦੇ ਛਿਲਕਿਆਂ ਨੂੰ ਖਾਦ ਬਣਨ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਇਸ ਲਈ ਇਸ ਦੀ ਖਾਦ ਨੂੰ ਵੱਖਰੇ ਤੌਰ ਤੇ ਬਣਾਉਣਾ ਚੰਗਾ ਰਹਿੰਦਾ ਹੈ। ਇਸ ਤੋਂ ਵਧੀਆ ਤਰਲ ਖਾਦ ਅਤੇ ਬਾਇਓ ਐਨਜ਼ਾਈਮ ਵੀ ਬਣਾਏ ਜਾ ਸਕਦੇ ਹਨ। ਨਿੰਬੂ ਜਾਤੀ (ਖੰਟੇ) ਦੇ ਫਲ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੇ ਚੰਗੇ ਸਰੋਤ ਹੁੰਦੇ ਹਨ, ਇਸ ਲਈ ਇਨ੍ਹਾਂ ਦੇ ਛਿਲਕਿਆਂ ਤੋਂ ਬਣੀ ਖਾਦ ਪੌਦਿਆਂ ਦੇ ਵਾਧੇ ਲਈ ਬਹੁਤ ਹੀ ਵਧੀਆ ਸਾਬਤ ਹੁੰਦੀ ਹੈ।

5. ਮਿਕਸ ਖਾਦ 

ਇਸ ਦੇ ਲਈ ਮੰਜੂਸ਼੍ਰੀ ਆਪਣੀ ਰਸੋਈ ਵਿਚੋਂ ਰੋਜ਼ਾਨਾ ਨਿਕਲਣ ਵਾਲੇ ਸਬਜ਼ੀਆਂ ਦੇ ਛਿਲਕਿਆਂ ਅਤੇ ਸਾਗ ਆਦਿ ਨੂੰ ਖਾਦ ਵਾਲੇ ਡੱਬੇ ਵਿਚ ਪਾ ਦਿੰਦੀ ਹੈ। ਪਰ ਉਸ ਨੇ ਦੱਸਿਆ ਕਿ ਤੁਸੀਂ ਇਸ ਵਿਚ ਘਿਓ, ਤੇਲ, ਨਮਕ ਭਾਵ ਪੱਕੀਆਂ ਹੋਈਆਂ ਚੀਜ਼ਾਂ ਨਹੀਂ ਪਾ ਸਕਦੇ। ਇਹ ਖਾਦ ਕੱਚੀਆਂ ਸਬਜ਼ੀਆਂ ਦੀ ਰਹਿੰਦ-ਖੂੰਹਦ (ਕਚਰਾ) ਨੂੰ ਮਿਲਾ ਕੇ ਤਿਆਰ ਕੀਤੀ ਜਾਂਦੀ ਹੈ। ਇਹ ਖਾਦ ਹਰ ਕਿਸਮ ਦੇ ਪੌਦਿਆਂ ਲਈ ਬਹੁਤ ਹੀ ਲਾਹੇਵੰਦ ਹੁੰਦੀ ਹੈ।

ਇਸ ਲਈ ਤੁਸੀਂ ਦੇਖੋ, ਤੁਹਾਡੀਆਂ ਸਾਰੀਆਂ ਬਾਗਬਾਨੀ ਦੀਆਂ ਸਮੱਸਿਆਵਾਂ ਦਾ ਹੱਲ ਤੁਹਾਡੇ ਘਰ ਵਿੱਚ ਹੀ ਮੌਜੂਦ ਹੈ। ਪੌਦਿਆਂ ਦੇ ਹਿਸਾਬ ਨਾਲ ਵੱਖੋ ਵੱਖ ਤਰ੍ਹਾਂ ਦੀਆਂ ਖਾਦਾਂ ਨੂੰ ਖੁਦ ਹੀ ਘਰੇ ਬਣਾਓ ਅਤੇ ਆਪਣੇ ਬਗੀਚੇ ਨੂੰ ਹਰਿਆ-ਭਰਿਆ ਖੁਸ਼ਹਾਲ ਰੱਖੋ।
Previous Post Next Post