ਆਈ. ਸੀ. ਯੂ. ਵਿੱਚ ਵੀ ਡਰਾਇੰਗ ਕਰਦੀ ਸੀ ਇਹ ਲੜਕੀ, ਆਪਣੇ ਹੁਨਰ ਨਾਲ ਹਰਾ ਦਿੰਦੀ ਸੀ ਹਰ ਮੁਸ਼ਕਿਲ ਨੂੰ

ਤੁਸੀਂ ਸਭ ਨੇ ਅਜਿਹੇ ਲੋਕ ਜ਼ਰੂਰ ਦੇਖੇ ਹੋਣਗੇ ਜੋ ਜ਼ਿੰਦਗੀ ਦੀਆਂ ਛੋਟੀਆਂ-ਮੋਟੀਆਂ ਮੁਸ਼ਕਿਲਾਂ ਉਤੇ ਹੀ ਹਾਰ ਮੰਨ ਲੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਮਜ਼ਬੂਤ ​​ਇਰਾਦੇ ਵਾਲੀ ਲੜਕੀ ਨਾਲ ਜਾਣੂ ਕਰਾਵਾਂਗੇ ਜਿਸ ਨੇ ਆਪਣੀਆਂ ਸਰੀਰਕ ਸਮੱਸਿਆਵਾਂ ਨੂੰ ਨਜ਼ਰ-ਅੰਦਾਜ਼ ਕਰਕੇ ਆਪਣੇ ਹੁਨਰ ਨੂੰ ਤਾਕਤ ਵਿੱਚ ਬਦਲ ਦਿੱਤਾ ਹੈ। ਅਹਿਮਦਾਬਾਦ ਦੀ ਮਾਨਸੀ ਸਦਾਰਾ ਦੁਆਰਾ ਬਣਾਈ ਗਈ ਡਰਾਇੰਗ ਨੂੰ ਦੇਖ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਉਹ ਸਾਡੇ ਵਾਂਗ ਆਰਾਮ ਨਾਲ ਸਾਹ ਤੱਕ ਵੀ ਨਹੀਂ ਲੈ ਸਕਦੀ। 

ਪਿਛਲੇ ਕਈ ਸਾਲਾਂ ਤੋਂ ਉਸ ਨੂੰ ਸਾਹ ਲੈਣ ਲਈ ਇਕ ਮਸ਼ੀਨ ਦੀ ਲੋੜ ਪੈਂਦੀ ਹੈ। ਪਰ ਆਪਣਾ ਮਨਪਸੰਦ ਕੰਮ ਭਾਵ ਡਰਾਇੰਗ ਕਰਦੇ ਸਮੇਂ ਉਸ ਦੇ ਚਿਹਰੇ ਉਤੇ ਸਿਰਫ ਮੁਸਕਰਾਹਟ ਹੁੰਦੀ ਹੈ, ਕੋਈ ਵੀ ਦੁੱਖ ਜਾਂ ਨਿਰਾਸ਼ਾ ਨਹੀਂ ਹੁੰਦੀ ਹੈ। ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਮਾਨਸੀ ਨੂੰ ਬਚਪਨ ਤੋਂ ਹੀ ਰੀੜ੍ਹ ਦੀ ਹੱਡੀ ਦੀ ਸਮੱਸਿਆ ਸੀ।

ਭਾਰਤ ਦੇ ਮਸਹੂਰ ਚੈਨਲ (ਦ ਬੈਟਰ ਇੰਡੀਆ) ਨਾਲ ਗੱਲਬਾਤ ਕਰਦੇ ਹੋਏ ਉਸ ਨੇ ਦੱਸਿਆ ਕਿ ਉਸ ਨੂੰ ਡਰਾਇੰਗ ਇੰਨਾ ਪਿਆਰ ਹੈ ਕਿ ਉਹ ਆਈ. ਸੀ. ਯੂ. ਵਿੱਚ ਵੀ ਡਰਾਇੰਗ ਕਰ ਰਹੀ ਸੀ। ਉਸ ਦੀ ਰੀੜ੍ਹ ਦੀ ਹੱਡੀ ਦੀ ਤਿੰਨ ਵਾਰ ਸਰਜਰੀ ਹੋ ਚੁੱਕੀ ਹੈ। ਇਸ ਦੌਰਾਨ ਉਸ ਨੂੰ ਕਈ ਦਿਨ ਆਈ. ਸੀ. ਯੂ. ਵਿੱਚ ਰਹਿਣਾ ਪਿਆ, ਫਿਰ ਉਹ ਅਕਸਰ ਡਰਾਇੰਗ ਕਰਕੇ ਖੁਦ ਨੂੰ ਵਿਅਸਤ ਰੱਖਦੀ ਸੀ। ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਉਸ ਨੇ ਨਾ ਸਿਰਫ ਆਪਣੀ ਪੜ੍ਹਾਈ ਪੂਰੀ ਕੀਤੀ, ਬਲਕਿ ਆਪਣੇ ਸ਼ੌਕ ਨੂੰ ਆਪਣਾ ਕੰਮ ਬਣਾਉਣ ਦੇ ਲਈ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਵੀ ਕੀਤਾ ਹੈ। 

ਮਾਨਸੀ ਦਾ ਸੁਪਨਾ ਹੈ ਫੈਸ਼ਨ ਡਿਜ਼ਾਈਨਰ ਬਣਨਾ 

ਉਂਝ ਤਾਂ ਮਾਨਸੀ ਹਮੇਸ਼ਾ ਤੋਂ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਸੀ। ਪਰ ਵਧਦੀ ਉਮਰ ਦੇ ਨਾਲ ਉਸ ਦੀਆਂ ਸਰੀਰਕ ਸਮੱਸਿਆਵਾਂ ਵੀ ਵਧਣ ਲੱਗ ਗਈਆਂ। ਸਾਲ 2017 ਤੋਂ ਉਸ ਨੂੰ ਸਾਹ ਲੈਣ ਲਈ ਵੀ ਇਕ ਵਿਸ਼ੇਸ਼ ਮਸ਼ੀਨ ਦੀ ਲੋੜ ਪੈਂਦੀ ਹੈ। ਕਿਉਂਕਿ ਉਸ ਦੇ ਫੇਫੜੇ ਆਮ ਇਨਸਾਨਾਂ ਦੀ ਤਰ੍ਹਾਂ ਵਿਕਸਤ ਨਹੀਂ ਹਨ। 

ਜਿਸ ਤੋਂ ਬਾਅਦ ਮਾਨਸੀ ਨੇ ਹਾਰ ਮੰਨ ਕੇ ਬੈਠਣ ਦੀ ਬਜਾਏ ਘਰੋਂ ਹੀ ਸਕੈਚ ਬਣਾਉਣੇ ਸ਼ੁਰੂ ਕਰ ਦਿੱਤੇ। ਫਿਰ ਉਸ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਆਪਣੀਆਂ ਪੇਂਟਿੰਗਾਂ ਆਨਲਾਈਨ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਮਾਨਸੀ ਦੀਆਂ ਖੂਬਸੂਰਤ ਕਲਾਕ੍ਰਿਤੀਆਂ ਨੂੰ ਹੁਣ ਨਿਯਮਤ ਔਨਲਾਈਨ ਆਰਡਰ ਮਿਲ ਰਹੇ ਹਨ ਅਤੇ ਇਸ ਤਰ੍ਹਾਂ ਆਪਣੇ ਹੁਨਰ ਅਤੇ ਜਨੂੰਨ ਦੇ ਬਲਬੂਤੇ ਉਤੇ ਮਾਨਸੀ ਅੱਜ ਸਵੈ-ਨਿਰਭਰ ਹੋ ਗਈ ਹੈ ਅਤੇ ਚੰਗੀ ਕਮਾਈ ਵੀ ਕਰ ਰਹੀ ਹੈ।

ਸੱਚ ਵਿਚ ਮਜਬੂਤ ਹੌਸਲੇ ਵਾਲੀ ਮਾਨਸੀ ਦੀ ਇਹ ਹਿੰਮਤ ਉਨ੍ਹਾਂ ਸਾਰਿਆਂ ਲਈ ਪ੍ਰੇਰਨਾ ਹੈ ਜੋ ਜੀਵਨ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਨਿਰਾਸ਼ ਹੋ ਜਾਂਦੇ ਹਨ। ਕਿਉਂਕਿ ਉਹ ਕਹਿੰਦੇ ਹਨ ਕਿ ਮਨ ਦੇ ਹਾਰਨ ਵਾਲੇ ਹਾਰ ਜਾਂਦੇ ਹਨ ਅਤੇ ਮਨ ਦੇ ਜਿੱਤਣ ਵਾਲਿਆਂ ਦੀ ਜਿੱਤ ਹੁੰਦੀ ਹੈ।
Previous Post Next Post